ਡੇਰਾਬਸੀ ਬਰਵਾਲਾ ਰੋਡ ’ਤੇ ਕੂੜਾਵਾਲਾਂ ਵਿਖੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌ ਤ ਹੋ ਗਈ। ਮ੍ਰਿਤਕ ਪ੍ਰਵਾਸੀ ਨੌਜਵਾਨ ਬਜ਼ਾਰ ਤੋਂ ਸਾਮਾਨ ਲੈ ਕੇ ਘਰ ਪਰਤ ਰਿਹਾ ਸੀ ਕਿ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌ ਤ ਹੋ ਗਈ।
ਸੂਚਨਾ ਮਿਲਣ ‘ਤੇ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਨੂੰ ਚੁੱਕਣ ਲਈ ਰਾਜ਼ੀ ਨਹੀਂ ਹੋਏ। ਕਰੀਬ ਤਿੰਨ ਘੰਟੇ ਤੱਕ ਲਾਸ਼ ਸੜਕ ਕਿਨਾਰੇ ਪਈ ਰਹੀ। ਇਸ ਕਾਰਨ ਦੋਵੇਂ ਪਾਸੇ ਕਈ ਕਿਲੋਮੀਟਰ ਤੱਕ ਸੜਕ ਜਾਮ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਹਾਲ ਵਾਸੀ ਸਕਰੈਪ ਕਿਰਾਏਦਾਰ ਵਜੋਂ ਹੋਈ ਹੈ। ਕੁਝ ਪ੍ਰਵਾਸੀ ਆਗੂਆਂ ਦੇ ਕਹਿਣ ਤੋਂ ਬਾਅਦ ਪਰਿਵਾਰ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰੱਖਣ ਲਈ ਹਾਮੀ ਭਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਮ 7 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਮਨੋਜ ਨਾਂ ਦਾ ਪ੍ਰਵਾਸੀ ਵਿਅਕਤੀ ਕੁਰਦਵਾਲਾ ਨੇੜੇ ਬਾਜ਼ਾਰ ਤੋਂ ਦੁੱਧ ਅਤੇ ਹੋਰ ਸਾਮਾਨ ਦਾ ਬੋਰਾ ਲੈ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌ ਤ ਹੋ ਗਈ। ਵਾਹਨ ਦਾ ਟਾਇਰ ਸਿਰ ਦੇ ਉਪਰੋਂ ਲੰਘਣ ਕਾਰਨ ਮ੍ਰਿਤਕ ਦਾ ਸਿਰ ਪੂਰੀ ਤਰ੍ਹਾਂ ਕੁਚਲ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਵਾਰਸ ਮੌਕੇ ‘ਤੇ ਪਹੁੰਚ ਗਏ। ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੇ ਸੜਕ ਕਿਨਾਰੇ ਇਕੱਠੇ ਹੋ ਕੇ ਲਾਸ਼ ਕੋਲ ਜਾ ਕੇ ਵਿਰਲਾਪ ਕੀਤਾ ਅਤੇ ਦੋਸ਼ੀ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਰਹੇ। ਦੇਰ ਰਾਤ ਪ੍ਰਵਾਸੀ ਆਗੂਆਂ ਦੇ ਸਮਝਾਉਣ ਤੋਂ ਬਾਅਦ ਪਰਿਵਾਰ ਸ਼ਾਂਤ ਹੋਇਆ ਅਤੇ ਲਾਸ਼ ਨੂੰ ਚੁੱਕ ਕੇ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।