ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਸਬੰਧੀ ਸਫ਼ਾਈ ਦਿੱਤੀ ਹੈ। ਪੜ੍ਹੋ ਪੂਰੀ ਖਬਰ…
ਚੰਡੀਗੜ੍ਹ: ਸੋਸ਼ਲ ਪਲੇਟਫ਼ਾਰਮ ‘ਤੇ ਪਿਛਲੇ ਕਈ ਦਿਨਾਂ ਤੋਂ ਅਦਾਕਾਰ ਗੁਰਪ੍ਰੀਤ ਘੁੱਗੀ ਲਗਾਤਾਰ ਟ੍ਰੋਲ ਹੋ ਰਹੇ ਹਨ। ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਅਦਾਕਾਰ ਨੇ ਅੱਜ ਚੁੱਪੀ ਤੋੜ ਦਿੱਤੀ ਹੈ। ਹੁਣ ਉਨ੍ਹਾਂ ਨੇ ਆਪਣਾ ਪੱਖ ਦਰਸ਼ਕਾਂ ਸਾਹਮਣੇ ਰੱਖਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮਾ ਦੀ ਚਰਚਿਤ ਅਦਾਕਾਰਾ ਲਵ ਗਿੱਲ ਨਾਲ ਗੁਰਪ੍ਰੀਤ ਘੁੱਗੀ ਦੇ ਅਫੇਅਰ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਫੈਲ ਰਹੀਆਂ ਸੀ। ਇਸ ਮੁੱਦੇ ‘ਤੇ ਅਜੇ ਤੱਕ ਅਦਾਕਾਰ ਚੁੱਪ ਸੀ ਪਰ ਹੁਣ ਆਖਿਰਕਾਰ ਗੁਰਪ੍ਰੀਤ ਘੁੱਗੀ ਨੇ ਚੁੱਪੀ ਤੋੜ ਦਿੱਤੀ ਹੈ।
Podcast 1
Video 2
ਮੇਰੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼
ਇਸ ਸਬੰਧੀ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸਿਨੇਮਾ ਨਾਲ ਜੁੜੇ ਕੁਝ ਲੋਕ ਮੇਰੀ ਇਮੇਜ ਨੂੰ ਖਰਾਬ ਕਰਨ ‘ਤੇ ਲੱਗੇ ਹੋਏ ਹਨ। ਲੋਕਾਂ ਦੀ ਮੇਰੇ ਖਿਲਾਫ਼ ਸਾਜਿਸ਼ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਨੂੰ ਦੇਖਦਿਆ ਹੁਣ ਮੈਨੂੰ ਹੀ ਅੱਗੇ ਆਉਣਾ ਪਿਆ। ਮੈਂ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਅਤੇ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ।
ਨਾਪਾਕ ਚਾਲਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਦੂਰਦਰਸ਼ਨ ਤੋਂ ਲੈ ਕੇ ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਮਾਣ ਭਰਿਆ ਸਫ਼ਰ ਹੰਢਾਉਣ ਵਾਲੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਚਾਰ ਦਹਾਕਿਆਂ ਦੇ ਕਰਿਅਰ ਦੌਰਾਨ ਹਮੇਸ਼ਾ ਹੀ ਅਦਾਕਾਰੀ ਅਤੇ ਆਪਣੇ ਮੂਲ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਿੱਚ ਮੈਂ ਜੁਟਿਆ ਰਿਹਾ ਹਾਂ ਪਰ ਇਸ ਲੰਬੇ ਸਫ਼ਰ ਦੇ ਬਾਵਜੂਦ ਕਦੇ ਵੀ ਆਪਣੀ ਇੱਜ਼ਤ ‘ਤੇ ਦਾਗ ਨਹੀਂ ਲੱਗਣ ਦਿੱਤਾ, ਜਿਸ ਨੂੰ ਹੁਣ ਕੁਝ ਮੌਕਾਪ੍ਰਸਤ ਲੋਕ ਢਾਹ ਲਾਉਣ ਦੀ ਫਿਰਾਕ ‘ਚ ਹਨ। ਇਨ੍ਹਾਂ ਲੋਕਾਂ ਦੀਆਂ ਨਾਪਾਕ ਚਾਲਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਫਿਲਮ ਉਦਯੋਗ ਨਾਲ ਜੁੜੀਆਂ ਕਈ ਸ਼ਖਸ਼ੀਅਤਾਂ ਵੀ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਹੱਕ ਵਿੱਚ ਖੜ੍ਹੀਆਂ ਹਨ। ਇਨ੍ਹਾਂ ਵਿੱਚ ਨਿਰਦੇਸ਼ਕ ਸ਼ਿਤਿਜ ਚੌਧਰੀ, ਗੁਰਜਿੰਦ ਮਾਨ, ਰਤਨ ਔਲਖ, ਦਰਸ਼ਨ ਔਲਖ ਆਦਿ ਸ਼ਾਮਲ ਹਨ। ਇਸ ਸੰਦਰਭ ਵਿੱਚ ਗੁੱਸਾ ਪ੍ਰਗਟ ਕਰਦਿਆ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਸ ਟ੍ਰੋਲਿੰਗ ਅਤੇ ਕਥਿਤ ਇਲਜਾਮਾਂ ਦੇ ਚਲਦਿਆਂ ਉਨ੍ਹਾਂ ਦਾ ਪਰਿਵਾਰ ਵੀ ਬੇਹੱਦ ਪਰੇਸ਼ਾਨ ਹੋ ਰਿਹਾ ਹੈ, ਜਿਸਦੇ ਮੱਦੇਨਜ਼ਰ ਉਨ੍ਹਾਂ ਨੂੰ ਸਾਹਮਣੇ ਆਉਣਾ ਪਿਆ ਜਦਕਿ ਉਹ ਇਸ ਤਰ੍ਹਾਂ ਦੇ ਵਿਵਾਦਾਂ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ।